Wednesday, 16 September 2026
Breaking News
ਕਿਸ਼ਾਊ ਸਮਝੌਤੇ ਨੇ ਪੰਜਾਬ ਨੂੰ ਮੁੜ ਯਮੁਨਾ ਤੋਂ ਬਾਹਰ ਰੱਖਿਆ; ਮੇਜ਼ ਤੇ ਕੁਰਸੀ ਪੰਜਾਬ ਦਾ ਹੱਕ ਹੈ: ਕੇਬੀਐਸ ਸਿੱਧੂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਸਫਲ ਆਯੋਜਨ SSOC FAZILKA BUSTS CROSS-BORDER DRUG AND ARMS SMUGGLING NETWORK IN TWO SEPARATE OPERATIONS ਜਗਤ ਪੰਜਾਬੀ ਸਭਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਕਵੀ ਦਰਬਾਰ ਆਯੋਜਿਤ ਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਨਾਇਬ ਸਿੰਘ ਸੈਣੀ ਪਟਿਆਲਾ, ਮਾਨਸਾ, ਸੰਗਰੂਰ, ਪਾਤੜਾਂ ਅਤੇ ਲਹਿਰਾਗਾਗਾ ਇਲਾਕੇ ਦੇ 3 ਦਰਜਨ ਤੋਂ ਵੱਧ ਆਗੂਆਂ ਨੇ ਭਾਜਪਾ ਦੀ ਲਈ ਮੈਂਬਰਸ਼ਿਪ.ਲਹਿਰਾਗਾਗਾ ਵਿੱਚ ਭਾਜਪਾ ਨੂੰ ਮਿਲੀ ਵੱਡੀ ਸਿਆਸੀ ਮਜ਼ਬੂਤੀ ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਵਿਮੁਕਤ ਅਤੇ ਘੁਮੰਤੂ ਸਮਜ ਦਾ ਇਤਿਹਾਸ ਸਵੈਮਾਨ ਅਤੇ ਵੀਰਤਾ ਦੀ ਹੈ ਗਾਥਾ- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਕੀਤੀ ਸੇਵਾ ਹਰਿਆਣਾ ਵਿਧਾਨ ਸਭਾ ਵਿੱਚ ਵਿਛੜੇ ਸਾਬਕਾ ਵਿਧਾਇਕਾਂ, ਸ਼ਹੀਦ ਜਵਾਨਾਂ ਅਤੇ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ
ਪੰਜਾਬ Trending

ਜੰਤਰ-ਮੰਤਰ ਤੇ ਸੰਸਦ ਵੱਲ ਮਾਰਚ ਕਰਦੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਦੀ ਨਿਖੇਧੀ; ਨੀਟ ਸੰਘਰਸ਼ ਨਾਲ ਇਕਜੁੱਟਤਾ ਦਾ ਐਲਾਨ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪ੍ਰੀਖਿਆ ਪ੍ਰਣਾਲੀ ਨੂੰ ਨਿਰਪੱਖ ਤੇ ਭਰੋਸੇਯੋਗ ਬਣਾਉਣ ਦੀ ਮੰਗ

ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਨੀਟ ਪ੍ਰੀਖਿਆ ਨਾਲ ਜੁੜੇ ਵਿਦਿਆਰਥੀਆਂ ਦੇ ਸੰਘਰਸ਼ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਜੰਤਰ-ਮੰਤਰ ਅਤੇ ਸੰਸਦ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ, ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਅਤੇ ਹੋਰ ਬਲ-ਪ੍ਰਯੋਗ ਦੀ ਸਖ਼ਤ ਨਿਖੇਧੀ ਕੀਤੀ ਹੈ। ਸਭਾ ਨੇ ਕਿਹਾ ਕਿ ਜਮਹੂਰੀ ਢੰਗ ਨਾਲ ਆਪਣੀ ਗੱਲ ਰੱਖ ਰਹੇ ਵਿਦਿਆਰਥੀਆਂ ਨਾਲ ਬਲ-ਪ੍ਰਯੋਗ ਕਰਨਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਉਲਟ ਹੈ। ਇਸ ਦੇ ਨਾਲ ਹੀ ਸਭਾ ਨੇ ਕਿਹਾ ਕਿ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਜੁੜੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਬੇਨਿਯਮਤਾ, ਲਾਪਰਵਾਹੀ ਜਾਂ ਅਵਿਸ਼ਵਾਸ ਦਾ ਸ਼ਿਕਾਰ ਨਹੀਂ ਬਣਨ ਦਿੱਤਾ ਜਾ ਸਕਦਾ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਐਨ.ਡੀ.ਏ. ਸਰਕਾਰ ਦੀ ਮੌਜੂਦਾ ਸਿੱਖਿਆ ਨੀਤੀ ਅਤੇ ਨੀਟ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਸੰਚਾਲਨ ਨੂੰ ਲੈ ਕੇ ਲਗਾਤਾਰ ਉੱਠ ਰਹੇ ਵਿਵਾਦ ਨੌਜਵਾਨਾਂ ਵਿੱਚ ਡੂੰਘੀ ਬੇਚੈਨੀ ਅਤੇ ਨਿਰਾਸ਼ਾ ਪੈਦਾ ਕਰ ਰਹੇ ਹਨ। ਜਦੋਂ ਵਾਰ-ਵਾਰ ਪ੍ਰੀਖਿਆਵਾਂ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਉੱਤੇ ਸਵਾਲ ਉੱਠਦੇ ਹਨ ਤਾਂ ਇਹ ਸਿਰਫ਼ ਇੱਕ ਪ੍ਰੀਖਿਆ ਦਾ ਨਹੀਂ, ਸਗੋਂ ਦੇਸ਼ ਦੀ ਸਮੁੱਚੀ ਸਿੱਖਿਆ ਪ੍ਰਣਾਲੀ ਦਾ ਸਵਾਲ ਬਣ ਜਾਂਦਾ ਹੈ।

ਅਹੁਦੇਦਾਰਾਂ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਦੀਆਂ ਸਿੱਖਿਆ ਨੀਤੀਆਂ ਵਿੱਚ ਵਿਦਿਆਰਥੀਆਂ ਦੀਆਂ ਅਸਲ ਲੋੜਾਂ, ਬਰਾਬਰੀ ਦੇ ਮੌਕਿਆਂ ਅਤੇ ਜਨਤਕ ਸਿੱਖਿਆ ਦੀ ਮਜ਼ਬੂਤੀ ਦੀ ਥਾਂ ਕੇਂਦਰੀਕਰਨ ਅਤੇ ਪ੍ਰੀਖਿਆ-ਕੇਂਦਰਿਤ ਪ੍ਰਣਾਲੀ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਨੀਟ ਸਮੇਤ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਲੈ ਕੇ ਸਾਹਮਣੇ ਆਏ ਵਿਵਾਦਾਂ ਨੇ ਇਹ ਚਿੰਤਾ ਹੋਰ ਗੰਭੀਰ ਕਰ ਦਿੱਤੀ ਹੈ ਕਿ ਸਰਕਾਰ ਵਿਦਿਆਰਥੀਆਂ ਦਾ ਭਰੋਸਾ ਬਹਾਲ ਕਰਨ ਵਿੱਚ ਨਾਕਾਮ ਰਹੀ ਹੈ। ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਅਜਿਹੇ ਮਾਮਲਿਆਂ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਜਾਂ ਗੈਰ-ਜਵਾਬਦੇਹੀ ਕਬੂਲ ਨਹੀਂ ਕੀਤੀ ਜਾ ਸਕਦੀ।

ਕੇਂਦਰੀ ਪੰਜਾਬੀ ਲੇਖਕ ਸਭਾ ਨੇ ਮੰਗ ਕੀਤੀ ਕਿ ਨੀਟ ਸਮੇਤ ਸਾਰੀਆਂ ਰਾਸ਼ਟਰੀ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣ। ਇਸ ਦੇ ਨਾਲ ਹੀ ਸਿੱਖਿਆ ਨੀਤੀਆਂ ਨੂੰ ਅਜਿਹੀ ਦਿਸ਼ਾ ਦਿੱਤੀ ਜਾਵੇ ਜੋ ਸਮਾਜਿਕ ਨਿਆਂ, ਬਰਾਬਰੀ ਦੇ ਮੌਕੇ ਅਤੇ ਹਰ ਵਰਗ ਦੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਵੇ।

ਸਾਹਿਤਕ ਅਤੇ ਬੌਧਿਕ ਜਥੇਬੰਦੀ ਹੋਣ ਦੇ ਨਾਤੇ ਕੇਂਦਰੀ ਪੰਜਾਬੀ ਲੇਖਕ ਸਭਾ ਮੰਨਦੀ ਹੈ ਕਿ ਨੌਜਵਾਨਾਂ ਦੇ ਸੁਪਨਿਆਂ, ਸਿੱਖਿਆ ਦੇ ਅਧਿਕਾਰ ਅਤੇ ਨਿਆਂਪੂਰਨ ਪ੍ਰੀਖਿਆ ਪ੍ਰਣਾਲੀ ਦੀ ਰਾਖੀ ਕਰਨਾ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਸਭਾ ਨੀਟ ਨਾਲ ਜੁੜੇ ਵਿਦਿਆਰਥੀਆਂ ਦੇ ਜਮਹੂਰੀ ਸੰਘਰਸ਼ ਨਾਲ ਆਪਣੀ ਪੂਰੀ ਇਕਜੁੱਟਤਾ ਦਾ ਪ੍ਰਗਟਾਵਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਨਿਰਪੱਖ, ਭਰੋਸੇਯੋਗ ਅਤੇ ਵਿਦਿਆਰਥੀ-ਪੱਖੀ ਬਣਾਉਣ ਲਈ ਤੁਰੰਤ ਠੋਸ ਕਦਮ ਚੁੱਕੇ ਜਾਣ।