ਸੂਬਾ ਵਾਸੀਆਂ ਦੀ ਸੁੱਖ–ਸਮ੍ਰਿੱਧੀ ਅਤੇ ਖ਼ੁਸ਼ਹਾਲੀ ਦੀ ਕੀਤੀ ਕਾਮਨਾ; ਹਵਨ–ਯੱਗ ਵਿੱਚ ਆਹੂਤੀਆਂ ਪਾ ਕੇ ਕੀਤਾ ਕੰਨਿਆ ਪੂਜਨ
ਚੰਡੀਗੜ੍ਹ: ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਮੰਗਲਵਾਰ ਨੂੰ ਪੰਚਕੂਲਾ ਸਥਿਤ ਇਤਿਹਾਸਕ ਸ੍ਰੀ ਮਾਤਾ ਮਨਸਾ ਦੇਵੀ ਮੰਦਰ ਵਿੱਚ ਵਿਧੀ–ਵਿਧਾਨ ਨਾਲ ਪੂਜਾ–ਅਰਚਨਾ ਕਰਕੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨੇ ਸੂਬਾ ਵਾਸੀਆਂ ਦੀ ਸੁੱਖ–ਸਮ੍ਰਿੱਧੀ, ਖ਼ੁਸ਼ਹਾਲੀ ਅਤੇ ਭਲਾਈ ਦੀ ਕਾਮਨਾ ਕੀਤੀ।
ਮੰਦਰ ਪਹੁੰਚਣ ’ਤੇ ਵਧੀਕ ਡਿਪਟੀ ਕਮਿਸ਼ਨਰ ਅਤੇ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਵਿਵੇਕ ਆਰੀਆ ਨੇ ਰਾਜਪਾਲ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਰਾਜਪਾਲ ਨੇ ਮੁੱਖ ਮੰਦਰ ਵਿੱਚ ਮਾਤਾ ਮਨਸਾ ਦੇਵੀ ਦੀ ਪੂਜਾ–ਅਰਚਨਾ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਉਪਰੰਤ ਰਾਜਪਾਲ ਮੰਦਰ ਕੰਪਲੈਕਸ ਵਿੱਚ ਸਥਿਤ ਯੱਗਸ਼ਾਲਾ ਪਹੁੰਚੇ, ਜਿੱਥੇ ਉਨ੍ਹਾਂ ਨੇ ਵੈਦਿਕ ਮੰਤਰਾਂ ਦੇ ਉਚਾਰਨ ਦੌਰਾਨ ਕਰਵਾਏ ਗਏ ਹਵਨ–ਯੱਗ ਵਿੱਚ ਸ਼ਮੂਲੀਅਤ ਕੀਤੀ ਅਤੇ ਆਹੂਤੀਆਂ ਅਰਪਿਤ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਕੰਨਿਆ ਪੂਜਨ ਵੀ ਕੀਤਾ ਅਤੇ ਕੰਨਿਆਵਾਂ ਨੂੰ ਭੋਜਨ ਛਕਾਇਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਤੇ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਵਿਵੇਕ ਆਰੀਆ ਨੇ ਰਾਜਪਾਲ ਨੂੰ ਸਨਮਾਨ ਵਜੋਂ ਮਾਤਾ ਮਨਸਾ ਦੇਵੀ ਦੀ ਤਸਵੀਰ ਭੇਟ ਕੀਤੀ।
ਪ੍ਰੋਗਰਾਮ ਵਿੱਚ ਰਾਜਪਾਲ ਦੇ ਏਡੀਸੀ ਸਕੁਐਡਰਨ ਲੀਡਰ ਪੀ. ਭਰਤ, ਪੁਲਿਸ ਡਿਪਟੀ ਕਮਿਸ਼ਨਰ ਸ੍ਰੀਮਤੀ ਅਦਿਤੀ ਸਿੰਘ, ਸ੍ਰੀ ਮਾਤਾ ਮਨਸਾ ਦੇਵੀ ਸ਼ਰਾਈਨ ਬੋਰਡ ਦੀ ਸਕੱਤਰ ਸ੍ਰੀਮਤੀ ਸ਼ਾਰਦਾ ਪ੍ਰਜਾਪਤੀ, ਸਹਾਇਕ ਯੋਜਨਾ ਅਧਿਕਾਰੀ ਸ੍ਰੀਮਤੀ ਪਾਵਸ ਸ਼ਰਮਾ, ਬੋਰਡ ਦੇ ਐੱਸਡੀਓ ਸ੍ਰੀ ਰਾਕੇਸ਼ ਪਾਹੂਜਾ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਰਹੇ।