ਚੰਡੀਗੜ੍ਹ: ਪੰਜਾਬ ਸਰਕਾਰ ਇੱਕ ਮਜ਼ਬੂਤ ਰਿਸਰਚ ਅਤੇ ਨਵੀਨਤਾ ਇਕੋਸਿਸਟਮ ਤਿਆਰ ਕਰਨ ਲਈ ਵਚਨਬੱਧ ਹੈ,” ਇਹ ਗੱਲ ਸ਼੍ਰੀ ਕਮਲ ਕਿਸ਼ੋਰ ਯਾਦਵ, ਆਈਏਐਸ, ਸਕੱਤਰ, ਵਿਗਿਆਨ, ਤਕਨਾਲੋਜੀ ਤੇ ਵਾਤਾਵਰਣ ਵਿਭਾਗ, ਪੰਜਾਬ ਸਰਕਾਰ ਨੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ 43ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਕਹੀ। ਉਨ੍ਹਾਂ ਨੇ ਨੌਲਜ ਸਿਟੀ ਵਿੱਚ ਵਿਸ਼ਵ-ਪੱਧਰੀ ਕਲਸਟਰ ਦੀ ਸਥਾਪਨਾ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਹੁਨਰਮੰਦ ਮਨੁੱਖੀ ਸੰਸਾਧਨ ਤਿਆਰ ਹੋ ਰਿਹਾ ਹੈ ਜੋ ਸਮਾਜ ਦੇ ਹਿੱਤ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਸਰਕਾਰ, ਅਕਾਦਮਿਕ ਸੰਸਥਾਵਾਂ, ਰਿਸਰਚ ਸੰਸਥਾਵਾਂ, ਉਦਯੋਗ ਅਤੇ ਸਟਾਰਟਅੱਪਸ ਵਿਚਕਾਰ ਹੋਰ ਮਜ਼ਬੂਤ ਸਾਂਝ ਦੀ ਲੋੜ ਉੱਤੇ ਜ਼ੋਰ ਦਿੱਤਾ।
ਵਿਸ਼ੇਸ਼ ਸਕੱਤਰ ਡੀਐਸਟੀਈ ਪੰਜਾਬ ਡਾ. ਸ਼ੈਲੇਂਦਰ ਕੌਰ, ਆਈਐਫਐਸ ਨੇ ਕੌਂਸਲ ਦੇ ਪਿਛਲੇ ਚਾਰ ਦਹਾਕਿਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੀਐਸਸੀਐਸਟੀ ਨੇ ਵੱਖ-ਵੱਖ ਹਿੱਸੇਦਾਰਾਂ ਨਾਲ ਮਜ਼ਬੂਤ ਭਾਈਚਾਰਕ ਸਾਂਝਾਂ ਬਣਾਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਉਦਯੋਗ ਅਤੇ ਅਕਾਦਮਿਕ ਜਗਤ ਨੂੰ ਕੌਂਸਲ ਨਾਲ ਮਿਲ ਕੇ ਰਿਸਰਚ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਅਪੀਲ ਕੀਤੀ।
ਪੀਐਸਸੀਐਸਟੀ ਦੇ ਐਗਜ਼ੈਕਟਿਵ ਡਾਇਰੈਕਟਰ ਸ਼੍ਰੀ ਪ੍ਰੀਤਪਾਲ ਸਿੰਘ ਨੇ ਆਪਣੇ ਸਵਾਗਤੀ ਸੰਬੋਧਨ ਵਿੱਚ ਕੌਂਸਲ ਦੀ ਦਹਾਕਾਵਾਰ ਯਾਤਰਾ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਉਪਲਬਧੀਆਂ ਉੱਤੇ ਚਾਨਣ ਪਾਇਆ। ਉਨ੍ਹਾਂ ਨੇ ਦੱਸਿਆ ਕਿ ਕੌਂਸਲ 8,000 ਤੋਂ ਵੱਧ ਉਦਯੋਗਿਕ ਇਕਾਈਆਂ ਨੂੰ ਸਾਫ਼-ਸੁਥਰੀ ਤਕਨਾਲੋਜੀ ਅਤੇ ਊਰਜਾ ਦੱਖਲਤਾ ਸਬੰਧੀ ਵਿਗਿਆਨਕ ਤੇ ਤਕਨੀਕੀ ਮਾਰਗਦਰਸ਼ਨ ਦੇ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਸੈਂਟਰ ਫਾਰ ਰਿਸਰਚ, ਇਨੋਵੇਸ਼ਨ, ਪਾਲਿਸੀ ਐਂਡ ਟੈਕਨਾਲੋਜੀ ਐਡਵਾਂਸਮੈਂਟ’ ਦੀ ਸਥਾਪਨਾ ਨਾਲ ਨਵੀਨਤਾ, ਉਦਯਮਤਾ ਅਤੇ ਤਕਨਾਲੋਜੀ ਦੇ ਵਪਾਰੀਕਰਨ ਲਈ ਨਵੇਂ ਮੌਕੇ ਪੈਦਾ ਹੋਣਗੇ।
ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਕਿਹਾ ਕਿ ਪੰਜਾਬ ਦੀ ਭਵਿੱਖੀ ਮੁਕਾਬਲਾਤਮਕਤਾ ਨੌਜਵਾਨਾਂ ਨੂੰ ਸਕੂਲ ਪੱਧਰ ਤੋਂ ਤਿਆਰ ਕਰਨ, ਸਟਾਰਟਅੱਪ ਸੰਸਕ੍ਰਿਤੀ ਨੂੰ ਵਧਾਉਣ, ਉਦਯੋਗ-ਅਕਾਦਮਿਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਰਿਸਰਚ ਦੇ ਵਪਾਰੀਕਰਨ ’ਤੇ ਨਿਰਭਰ ਕਰੇਗੀ। ਉਨ੍ਹਾਂ ਨੇ ਸਾਂਝੇ ਪ੍ਰੋਗਰਾਮਾਂ ਲਈ ਸਹਿਯੋਗ ਦੀ ਅਪੀਲ ਕੀਤੀ।
ਨੈਸ਼ਨਲ ਐਗਰੀ-ਫੂਡ ਬਾਇਓ-ਮੈਨੂਫੈਕਚਰਿੰਗ ਇੰਸਟੀਚਿਊਟ (ਨਾਬੀ) ਦੇ ਐਗਜ਼ੈਕਟਿਵ ਡਾਇਰੈਕਟਰ ਪ੍ਰੋ. ਅਸ਼ਵਨੀ ਪਰੀਕ ਨੇ ਕੌਂਸਲ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੂੰ ਕੇਵਲ ਕੈਲੋਰੀ ਪੂਰਨਤਾ ਤੋਂ ਅੱਗੇ ਵਧ ਕੇ ਪੋਸ਼ਣ ਪੂਰਨਤਾ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਵਿਗਿਆਨ ਆਧਾਰਿਤ ਨਵੀਨਤਾ ਅਤੇ ਸਾਂਝੇ ਰਿਸਰਚ ਉਪਰਾਲਿਆਂ ਦੀ ਲੋੜ ਹੈ, ਜਿਸ ਨਾਲ ਪੋਸ਼ਣ ਸੁਰੱਖਿਆ ਅਤੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਮਜ਼ਬੂਤੀ ਮਿਲੇਗੀ।
ਜਾਇੰਟ ਡਾਇਰੈਕਟਰ ਡਾ. ਦਪਿੰਦਰ ਬਕਸ਼ੀ ਨੇ ਆਪਣੇ ਸੰਬੋਧਨ ਵਿੱਚ ਗਿਆਨ ਸੰਸਥਾਵਾਂ, ਉਦਯੋਗ ਅਤੇ ਸਟਾਰਟਅੱਪ ਇਕੋਸਿਸਟਮ ਨਾਲ ਜੁੜੇ ਸਹਿਭਾਗੀਆਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਇਸ ਮੌਕੇ ਡਾ. ਲੱਜਾ ਦੇਵੀ ਗੋਇਲ (ਏਆਈਆਈਐਮਐਸ ਬਠਿੰਡਾ), ਸੁਸ਼ਰੀ ਨਿਤਿਕਾ ਖੁਰਾਨਾ (ਚੰਡੀਗੜ੍ਹ ਐਂਜਲਜ਼ ਨੈੱਟਵਰਕ), ਸ਼੍ਰੀ ਜੋਤੀ ਸਰੂਪ (ਉਨਾਤੀ ਕੋਆਪਰੇਟਿਵ, ਤਲਵਾਡਾ), ਪ੍ਰੋ. ਮਨੂ ਸ਼ਰਮਾ (ਪੰਜਾਬ ਯੂਨੀਵਰਸਿਟੀ) ਅਤੇ ਡਾ. ਵਿਪਾਸ਼ਾ (ਐਸਐਚਈ ਸਟਾਰਟਅੱਪ ਸੰਸਥਾਪਕ) ਨੂੰ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਪੀਐਸਸੀਐਸਟੀ ਦੀ ਦਹਾਕਾਵਾਰ ਯਾਤਰਾ ਸਬੰਧੀ ਸਮਾਰਿਕਾ ਅਤੇ ਬੌਧਿਕ ਸੰਪਦਾ ਅਧਿਕਾਰਾਂ (ਆਈਪੀਆਰ) ਬਾਰੇ ਟਿਸਕ ਬੁਲੇਟਿਨ ਦਾ ਵੀ ਜਾਰੀਕਰਨ ਕੀਤਾ ਗਿਆ।