ਮੁੱਖ ਮੰਤਰੀ ਨੇ ਯਮੁਨਾਨਗਰ ਵਿੱਚ ‘ਨਸ਼ੇ ਸੇ ਜੰਗ-ਯਮੁਨਾਨਗਰ ਕੇ ਸੰਗ’ ਤਹਿਤ ਆਯੋਜਿਤ ਦੌੜ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ, ਦੌੜ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਕੀਤਾ ਸਨਮਾਨਿਤ
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਪੂੰਜੀ ਉਸਦੇ ਨੌਜਵਾਨ ਹੁੰਦੇ ਹਨ। ਨੌਜਵਾਨ ਸਿਰਫ਼ ਵਰਤਮਾਨ ਨਹੀਂ ਹੁੰਦੇ ਸਗੋਂ ਭਵਿੱਖ ਦੇ ਨਿਰਮਾਤਾ ਹੁੰਦੇ ਹਨ, ਜੇਕਰ ਨੌਜਵਾਨ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਾ ਮੁਕਤ ਹੋਵੇਗਾ ਤਾਂ ਯਕੀਨਨ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਯਮੁਨਾਨਗਰ ਵਿੱਚ ‘ਨਸ਼ੇ ਸੇ ਜੰਗ-ਯਮੁਨਾਨਗਰ ਕੇ ਸੰਗ’ ਤਹਿਤ ਆਯੋਜਿਤ ਦੌੜ ਵਿੱਚ ਮੌਜੂਦ ਨੌਜਵਾਨਾਂ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਇਸ ਦੌਰਾਨ ਹਰੀ ਝੰਡੀ ਦਿਖਾਉਂਦੇ ਹੋਏ ਦੌੜ ਦਾ ਆਗਾਜ਼ ਕੀਤਾ। ਉਨ੍ਹਾਂ ਨੇ ਦੌੜ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਹੁੰ ਵੀ ਚੁਕਾਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਯਮੁਨਾਨਗਰ ਦੇ ਨੌਜਵਾਨ, ਬੱਚੇ, ਧੀਆਂ, ਬਜ਼ੁਰਗ ਅਤੇ ਮਹਿਲਾਵਾਂ ‘ਨਸ਼ੇ ਸੇ ਜੰਗ-ਯਮੁਨਾਨਗਰ ਕੇ ਸੰਗ’ ਦਾ ਨਾਅਰਾ ਬੁਲੰਦ ਕਰਦੇ ਹੋਏ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਆਯੋਜਨ ਕੋਈ ਆਮ ਆਯੋਜਨ ਨਹੀਂ ਹੈ, ਸਗੋਂ ਇਹ ਦੌੜ ਹਰਿਆਣਾ ਦੇ ਨੌਜਵਾਨਾਂ ਦੇ ਸੰਕਲਪ ਅਤੇ ਸਰਕਾਰ ਤੇ ਸੰਸਕਾਰ ਦਾ ਉਤਸਵ ਹੈ। ਅੱਜ ਇੱਥੇ ਦੋ ਰਸਤਿਆਂ ਵਿੱਚਕਾਰ ਮੁਕਾਬਲਾ ਹੋਣਾ ਹੈ—ਇੱਕ ਰਸਤਾ ਜੋ ਜੀਵਨ ਵੱਲ ਜਾਂਦਾ ਹੈ ਅਤੇ ਦੂਜਾ ਰਸਤਾ ਬਰਬਾਦੀ ਵੱਲ ਜਾਂਦਾ ਹੈ, ਇੱਕ ਰਸਤਾ ਜੋ ਖੇਡਾਂ ਵੱਲ ਜਾਂਦਾ ਹੈ, ਦੂਜਾ ਰਸਤਾ ਹਨ੍ਹੇਰੇ ਵੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਰਸਤਾ ਭਵਿੱਖ ਬਣਾਉਂਦਾ ਹੈ ਤਾਂ ਦੂਜਾ ਭਵਿੱਖ ਖੋਹ ਲੈਂਦਾ ਹੈ। ਇਸ ਲਈ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਹਰਿਆਣਾ ਦੇ ਨੌਜਵਾਨ, ਯਮੁਨਾਨਗਰ ਦੇ ਨੌਜਵਾਨ ਸਹੀ ਰਸਤਾ, ਵਿਕਾਸ ਅਤੇ ਸਿਹਤ ਦਾ ਰਸਤਾ ਚੁਣਨਗੇ।
ਉਨ੍ਹਾਂ ਕਿਹਾ ਕਿ ਅੱਜ ਯਮੁਨਾਨਗਰ ਦੀ ਯੁਵਾ ਸ਼ਕਤੀ ਨੇ ਇਹ ਤੈਅ ਕੀਤਾ ਹੈ ਕਿ ਅਸੀਂ ਦੌੜਾਂਗੇ, ਪਰ ਨਸ਼ੇ ਵੱਲ ਨਹੀਂ ਸਗੋਂ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ, ਆਪਣੇ ਸੁਪਨੇ ਸਾਕਾਰ ਕਰਨ ਲਈ। ਇਹ ਦੌੜ 5 ਕਿਲੋਮੀਟਰ-10 ਕਿਲੋਮੀਟਰ ਦੀ ਦੌੜ ਨਹੀਂ ਸਗੋਂ ਉਸ ਸਮਾਜਿਕ ਬੁਰਾਈ (ਨਸ਼ੇ) ਅਜਿਹੀ ਅਜਿਹੀ ਜਨ-ਜਾਗਰਣ ਮੁਹਿੰਮ ਹੈ ਜਿਸ ਦੀ ਆਵਾਜ਼ ਪੂਰੇ ਹਰਿਆਣਾ ਵਿੱਚ ਸੁਣਾਈ ਦੇਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਯੋਗ ਦੀ ਮਹੱਤਤਾ ਨੂੰ ਸਮਝਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ‘ਫਿੱਟ ਇੰਡੀਆ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਪ੍ਰਧਾਨ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਪੂਰੀ ਦੁਨੀਆ ਨੇ ਯੋਗ ਦੀ ਮਹੱਤਤਾ ਨੂੰ ਜਾਣਿਆ ਅਤੇ ਸਿੱਟੇ ਵਜੋਂ ਪੂਰੇ ਵਿਸ਼ਵ ਵਿੱਚ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿੱਚ ਅੱਜ ਸਾਡੇ ਨੌਜਵਾਨ ‘ਨਸ਼ੇ ਸੇ ਜੰਗ-ਯਮੁਨਾਨਗਰ ਕੇ ਸੰਗ’ ਦੌੜ ਵਿੱਚ ਹਿੱਸਾ ਲੈ ਰਹੇ ਹਨ, ਇਹ ਪ੍ਰੋਗਰਾਮ ‘ਹਰਿਆਣਾ ਉਦੈ’ ਤਹਿਤ ਬਹੁਤ ਵੱਡਾ ਆਊਟਰੀਚ ਪ੍ਰੋਗਰਾਮ ਵੀ ਹੈ। ਮੁੱਖ ਮੰਤਰੀ ਨੇ ਸਾਰੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੇ ਨਾਲ ਇਸ ਤਰ੍ਹਾਂ ਦੀ ਦੌੜ ਵਿੱਚ ਜ਼ਰੂਰ ਹਿੱਸਾ ਲੈਣ। ਭੱਜ-ਦੌੜ ਦੀ ਜ਼ਿੰਦਗੀ ਵਿੱਚ ਬੱਚਿਆਂ ਨਾਲ ਚਰਚਾ ਕਰੋ, ਉਨ੍ਹਾਂ ਨਾਲ ਗੱਲਬਾਤ ਜ਼ਰੂਰ ਕਰੋ, ਕਿਉਂਕਿ ਇਕੱਲਾਪਣ ਹੀ ਵਿਅਕਤੀ ਨੂੰ ਨਸ਼ੇ ਵਰਗੀ ਬੁਰਾਈ ਵੱਲ ਲੈ ਕੇ ਜਾਂਦਾ ਹੈ। ਬੱਚਿਆਂ ਨੂੰ ਨਸ਼ੇ ਵੱਲ ਨਹੀਂ, ਸਗੋਂ ਵਿਕਾਸ, ਸਿਹਤ ਅਤੇ ਫਿਟਨੈਸ ਵੱਲ ਅੱਗੇ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਨੌਜਵਾਨ ਦੇਸ਼ ਦੀ ਰੱਖਿਆ ਬਹਾਦਰ ਸੈਨਿਕ ਬਣ ਕੇ ਕਰ ਰਿਹਾ ਹੈ। ਹਰਿਆਣਾ ਦਾ ਨੌਜਵਾਨ ਓਲੰਪਿਕ, ਪੈਰਾਲੰਪਿਕ, ਰਾਸ਼ਟਰੀ-ਅੰਤਰਰਾਸ਼ਟਰੀ ਖੇਡਾਂ ਵਿੱਚ ਦੇਸ਼ ਵਿੱਚ ਸਭ ਤੋਂ ਵੱਧ ਤਗ਼ਮੇ ਜਿੱਤ ਕੇ ਦੇਸ਼ ਦਾ ਝੰਡਾ ਉੱਚਾ ਕਰਕੇ ਸਭ ਤੋਂ ਅੱਗੇ ਚੱਲਦਾ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਨੇਤਾਵਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਧਾਰਮਿਕ-ਸਮਾਜਿਕ ਸੰਸਥਾਵਾਂ, ਐਨ.ਜੀ.ਓ. ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਨਸ਼ੇ ਵਰਗੀ ਬੁਰਾਈ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ ਹੋਵੇਗਾ।
ਦੌੜ ਜੇਤੂਆਂ ਨੂੰ ਕੀਤਾ ਸਨਮਾਨਿਤ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 10 ਕਿਲੋਮੀਟਰ ਦੀ ਦੌੜ ਵਿੱਚ ਹਿੱਸਾ ਲੈਣ ਵਾਲੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰਾਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ। ਉਨ੍ਹਾਂ ਨੇ 10 ਕਿਲੋਮੀਟਰ ਦੌੜ ਵਿੱਚ ਪੁਰਸ਼ ਵਰਗ ਵਿੱਚ ਮਹਿੰਦਰਗੜ੍ਹ ਦੇ ਮੋਹਿਤ ਨੂੰ ਪਹਿਲਾ ਇਨਾਮ ਯਾਨੀ ਇੱਕ ਲੱਖ ਰੁਪਏ, ਦੂਜਾ ਸਤਯਮ ਨੂੰ 75 ਹਜ਼ਾਰ ਰੁਪਏ ਅਤੇ ਉੱਤਰ ਪ੍ਰਦੇਸ਼ ਦੇ ਸਚਿਨ ਯਾਦਵ ਨੂੰ 51 ਹਜ਼ਾਰ ਰੁਪਏ ਤੀਜਾ ਇਨਾਮ ਵਜੋਂ ਪ੍ਰਦਾਨ ਕੀਤੇ। ਉੱਥੇ ਹੀ, ਮਹਿਲਾ ਵਰਗ ਵਿੱਚ ਸੋਨੀਪਤ ਦੀ ਭਾਰਤੀ ਨੂੰ ਇੱਕ ਲੱਖ ਰੁਪਏ ਪਹਿਲਾ, ਭਿਵਾਨੀ ਦੀ ਸੋਨਿਕਾ ਨੂੰ 75 ਹਜ਼ਾਰ ਰੁਪਏ ਦੂਜਾ ਅਤੇ ਲਖਨਊ (ਉੱਤਰ ਪ੍ਰਦੇਸ਼) ਦੀ ਸ਼ਸ਼ੀ ਲਤਾ ਨੂੰ 51 ਹਜ਼ਾਰ ਰੁਪਏ ਤੀਜਾ ਇਨਾਮ ਵਜੋਂ ਪ੍ਰਦਾਨ ਕੀਤੇ। ਇਸ ਦੌੜ ਵਿੱਚ ਪਾਣੀਪਤ ਨਿਵਾਸੀ 73 ਸਾਲਾ ਤ੍ਰਿਲੋਕੀ ਨਾਥ ਨੇ ਹਿੱਸਾ ਲਿਆ ਅਤੇ 10 ਕਿਲੋਮੀਟਰ ਦੀ ਦੌੜ ਪੂਰੀ ਕਰਨ ‘ਤੇ ਉਨ੍ਹਾਂ ਨੂੰ ਵਿਸ਼ੇਸ਼ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਇਸ ਦੌੜ ਲਈ ਯਮੁਨਾਨਗਰ ਦੇ ਨਾਲ-ਨਾਲ ਹਰਿਆਣਾ ਦੇ ਗੁਆਂਢੀ ਰਾਜਾਂ ਦੇ ਲਗਭਗ ਸਵਾ ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਦੌੜ ਵਿੱਚ ਅੰਦਾਜ਼ਨ 70 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ ਜੋ ਕਿ ਇੱਕ ਰਿਕਾਰਡ ਹੈ। ਇਸ ਦੌਰਾਨ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਵਿਧਾਇਕ ਸ੍ਰੀ ਘਨਸ਼ਿਆਮ ਦਾਸ ਅਰੋੜਾ, ਮੁੱਖ ਮੰਤਰੀ ਦਫ਼ਤਰ ਵਿੱਚ ਵਿਸ਼ੇਸ਼ ਅਧਿਕਾਰੀ (ਕਮਿਊਨਿਟੀ ਪੁਲਿਸਿੰਗ ਅਤੇ ਆਊਟਰੀਚ) ਸ੍ਰੀ ਪੰਕਜ ਨੈਨ, ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁੱਜਰ, ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੇਸ਼ ਸਪਰਾ, ਡਿਪਟੀ ਕਮਿਸ਼ਨਰ ਪ੍ਰੀਤੀ, ਪੁਲਿਸ ਸੁਪਰਡੈਂਟ ਸ੍ਰੀ ਕਮਲਦੀਪ ਗੋਇਲ ਸਮੇਤ ਪਤਵੰਤੇ ਮੌਜੂਦ ਸਨ।
ਹਰਿਆਣਾ
Trending
ਨੌਜਵਾਨ ਸਿਹਤਮੰਦ, ਅਨੁਸ਼ਾਸਿਤ ਅਤੇ ਨਸ਼ਾ ਮੁਕਤ ਹੋਵੇਗਾ ਤਾਂ ਯਕੀਨਨ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਹੋਵੇਗਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ