ਰਾਜਪਾਲ ਨੇ ਪਟਿਆਲਾ ਸਥਿਤ ਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਵਿੱਚ ਆਯੋਜਿਤ “ਨਸ਼ੇ ਦੇ ਖਿਲਾਫ ਜੰਗ” ਵਿਸ਼ੇ ‘ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਕੀਤਾ ਸੰਬੋਧਿਤ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨੌਜਵਾਨਾਂ ਲਈ ਵਿਕਾਸ ਦੇ ਵਿਆਪਕ ਮੌਕੇ, ਨਸ਼ੇ ਵਰਗੀ ਬੁਰਾਈ ਲਈ ਕੋਈ ਥਾਂ ਨਹੀਂ, ਖੇਡਾਂ ਵਿੱਚ ਦੇਸ਼ ਦਾ ਮਾਣ ਵਧਾਉਣ ਵਾਲੇ ਨੌਜਵਾਨ ਨਸ਼ੇ ਦੇ ਖਿਲਾਫ ਵੀ ਨਿਭਾਉਣਗੇ ਮੋਹਰੀ ਭੂਮਿਕਾ
ਪਟਿਆਲਾ/ਚੰਡੀਗੜ੍ਹ :ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਨਸ਼ੇ ਦੇ ਖਿਲਾਫ ਪ੍ਰਣ ਲੈਣ ਅਤੇ ਸਮਾਜ ਵਿੱਚੋਂ ਇਸ ਬੁਰਾਈ ਨੂੰ ਜੜ੍ਹੋਂ ਖਤਮ ਕਰਨ ਲਈ ਸਮੂਹਿਕ ਯਤਨ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਹਰ ਨੌਜਵਾਨ ਯੁੱਧ ਨਸ਼ੇ ਵਿਰੁੱਧ ਮੁਹਿੰਮ ਨਾਲ ਜੁੜਨ ਲਈ ਦਸ ਹੋਰ ਲੋਕਾਂ ਨੂੰ ਪ੍ਰੇਰਿਤ ਕਰੇ ਤਾਂ ਇਹ ਸੰਕਲਪ ਇੱਕ ਸ਼ਕਤੀਸ਼ਾਲੀ ਜਨ-ਅੰਦੋਲਨ ਵਜੋ ਲੈ ਸਕਦਾ ਹੈ।
ਰਾਜਪਾਲ ਅੱਜ ਪੰਜਾਬ ਦੇ ਪਟਿਆਲਾ ਸਥਿਤ ਰਾਜੀਵ ਗਾਂਧੀ ਰਾਸ਼ਟਰੀ ਲਾਅ ਯੂਨੀਵਰਸਿਟੀ ਵਿੱਚ ਆਯੋਜਿਤ “ਨਸ਼ੇ ਦੇ ਖਿਲਾਫ ਜੰਗ” ਵਿਸ਼ੇ ‘ਤੇ ਆਯੋਜਿਤ ਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਹਰਿਆਣਾ ਦੀ ਪਹਿਲੀ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼ ਵੀ ਮੌਜੂਦ ਸਨ।
ਸੰਮੇਲਨ ਨੂੰ ਨੌਜਵਾਨਾਂ ਲਈ ਆਸ ਅਤੇ ਨਿਰਾਸ਼ਾ ਦੇ ਵਿਚਕਾਰ ਸਹੀ ਰਸਤਾ ਚੁਣਨ ਦਾ ਸੁਨੇਹਾ ਦੱਸਦਿਆਂ ਪ੍ਰੋ. ਘੋਸ਼ ਨੇ ਕਿਹਾ ਕਿ ਇੱਕ ਰਸਤਾ ਸਿਹਤ, ਸਿੱਖਿਆ, ਖੇਡਾਂ ਅਤੇ ਸਫਲਤਾ ਵੱਲ ਲੈ ਜਾਂਦਾ ਹੈ, ਜਦਕਿ ਦੂਜਾ ਰਸਤਾ ਨਸ਼ੇ ਦੀ ਲਤ, ਉੱਜੜ ਰਹੇ ਪਰਿਵਾਰਾਂ ਅਤੇ ਟੁੱਟਦੇ ਸੁਪਨਿਆਂ ਵੱਲ। ਉਨ੍ਹਾਂ ਵਿਸ਼ਵਾਸ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦਾ ਨੌਜਵਾਨ ਜੀਵਨ, ਉਦੇਸ਼ ਅਤੇ ਤਰੱਕੀ ਦਾ ਮਾਰਗ ਅਪਣਾਏਗਾ ਅਤੇ ਨਸ਼ਾਮੁਕਤ ਸਮਾਜ ਦੀ ਸਿਰਜਣਾ ਦਾ ਮੋਹਰੀ ਬਣੇਗਾ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਜਨ-ਜਾਗਰੂਕਤਾ ਦੀ ਇੱਕ ਵਿਆਪਕ ਮੁਹਿੰਮ ਦੀ ਸ਼ੁਰੂਆਤ ਹੈ, ਜਿਸ ਦਾ ਸੁਨੇਹਾ ਪੰਜਾਬ ਤੋਂ ਕਿਤੇ ਅੱਗੇ ਤੱਕ ਜਾਵੇਗਾ।
ਰਾਜਪਾਲ ਨੇ ਨੌਜਵਾਨਾਂ ਨੂੰ ਰਾਸ਼ਟਰ ਦੀ ਸਭ ਤੋਂ ਵੱਡੀ ਤਾਕਤ ਦੱਸਦਿਆਂ ਕਿਹਾ ਕਿ ਜਦੋਂ ਨੌਜਵਾਨ ਵੱਡੇ ਸੁਪਨੇ ਦੇਖਦੇ ਹਨ, ਸਖ਼ਤ ਮਿਹਨਤ ਕਰਦੇ ਹਨ ਅਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਦੇ ਹਨ, ਤਾਂ ਦੇਸ਼ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਨੌਜਵਾਨਾਂ ਦੀ ਊਰਜਾ ਅਤੇ ਸੁਪਨਿਆਂ ‘ਤੇ ਸਿੱਧਾ ਵਾਰ ਕਰਕੇ ਕਮਜ਼ੋਰ ਬਣਾਉਂਦੀ ਹੈ, ਪਰਿਵਾਰਾਂ ਨੂੰ ਤੋੜਦੀ ਹੈ ਅਤੇ ਸਮਾਜ ਦੀ ਬੁਨਿਆਦ ਨੂੰ ਖੋਖਲਾ ਕਰਦੀ ਹੈ। ਇਸ ਲਈ ਨਸ਼ੇ ਦੇ ਖਿਲਾਫ ਲੜਾਈ ਸਿਰਫ਼ ਕਾਨੂੰਨ-ਵਿਵਸਥਾ ਬਣਾਈ ਰੱਖਣ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਪਰਿਵਾਰਾਂ, ਸਿੱਖਿਆ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ।
ਨੌਜਵਾਨਾਂ ਨੂੰ ਪੜ੍ਹਾਈ ਦੇ ਦਬਾਅ, ਬੇਰੁਜ਼ਗਾਰੀ ਅਤੇ ਇਕੱਲੇਪਣ ਵਰਗੀਆਂ ਚੁਣੌਤੀਆਂ ਦਾ ਹਿੰਮਤ ਨਾਲ ਸਾਹਮਣਾ ਕਰਨ ਦੀ ਅਪੀਲ ਕਰਦਿਆ ਪ੍ਰੋ. ਘੋਸ਼ ਨੇ ਕਿਹਾ ਕਿ ਨਸ਼ਾ ਕਦੇ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਦ੍ਰਿੜ ਇਰਾਦੇ, ਗੱਲਬਾਤ, ਸਹੀ ਮਾਰਗਦਰਸ਼ਨ ਅਤੇ ਆਤਮ-ਵਿਸ਼ਵਾਸ ਹੀ ਜੀਵਨ ਦੀਆਂ ਚੁਣੌਤੀਆਂ ਦਾ ਅਸਲ ਹੱਲ ਹਨ।
ਉਨ੍ਹਾਂ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ਼ ਸਹੂਲਤਾਂ ਹੀ ਨਹੀਂ, ਸਗੋਂ ਸਮਾਂ, ਵਿਸ਼ਵਾਸ ਅਤੇ ਆਪਣਾਪਣ ਦੇਣ। ਉਨ੍ਹਾਂ ਕਿਹਾ ਕਿ ਖੁੱਲ੍ਹੀ ਗੱਲਬਾਤ, ਸਮੇਂ ਸਿਰ ਮਾਰਗਦਰਸ਼ਨ ਅਤੇ ਭਾਵਨਾਤਮਕ ਸਹਿਯੋਗ ਕਈ ਨੌਜਵਾਨਾਂ ਨੂੰ ਨਸ਼ੇ ਦੀ ਗ੍ਰਿਫ਼ਤ ਵਿੱਚ ਜਾਣ ਤੋਂ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਤ੍ਰਿਸਕਾਰ ਨਹੀਂ, ਸਗੋਂ ਹਮਦਰਦੀ, ਇਲਾਜ ਅਤੇ ਮੁੜ ਵਸੇਬੇ ਦੀ ਲੋੜ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਨੌਜਵਾਨਾਂ ਲਈ ਵਿਕਾਸ ਦੇ ਵਿਆਪਕ ਮੌਕੇ, ਨਸ਼ੇ ਵਰਗੀ ਬੁਰਾਈ ਲਈ ਕੋਈ ਥਾਂ ਨਹੀਂ
ਕੇਂਦਰ ਸਰਕਾਰ ਦੀਆਂ ਵੱਖ-ਵੱਖ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਫਿੱਟ ਇੰਡੀਆ, ਖੇਲੋ ਇੰਡੀਆ, ਸਕਿੱਲ ਇੰਡੀਆ, ਡਿਜੀਟਲ ਇੰਡੀਆ, ਸਟਾਰਟਅੱਪ ਇੰਡੀਆ ਅਤੇ ਵਿਕਸਿਤ ਭਾਰਤ-2047 ਵਰਗੇ ਪ੍ਰੋਗਰਾਮ ਨੌਜਵਾਨਾਂ ਲਈ ਨਵੇਂ ਮੌਕੇ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਸਾਹਮਣੇ ਵਿਕਾਸ ਅਤੇ ਤਰੱਕੀ ਦੇ ਇੰਨੇ ਵਿਆਪਕ ਮੌਕੇ ਮੌਜੂਦ ਹਨ, ਤਾਂ ਨਸ਼ੇ ਵਰਗੀ ਸਮਾਜਿਕ ਬੁਰਾਈ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।
ਰਾਜਪਾਲ ਨੇ ਕਿਹਾ ਕਿ ਹਰਿਆਣਾ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸੇ ਤਰ੍ਹਾਂ ਪੰਜਾਬ ਦੇ ਨੌਜਵਾਨਾਂ ਨੇ ਵੀ ਖੇਡ ਜਗਤ ਵਿੱਚ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਖੇਤਰ ਦਾ ਨੌਜਵਾਨ ਵੀ ਆਪਣੇ ਸਾਹਸ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਦੇ ਬਲਬੂਤੇ ਨਸ਼ੇ ਦੇ ਖਿਲਾਫ ਇਸ ਲੜਾਈ ਵਿੱਚ ਵੀ ਮੋਹਰੀ ਭੂਮਿਕਾ ਨਿਭਾਏਗਾ ਅਤੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਵੇਗਾ।
ਸੰਮੇਲਨ ਵਿੱਚ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਜੈ ਐਸ ਸਿੰਘ, ਕਈ ਹੋਰ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਅਤੇ ਹੋਰ ਮਾਣਯੋਗ ਵਿਅਕਤੀ ਵੀ ਮੌਜੂਦ ਸਨ।
Punjab
Trending